ਸੁਚੇਤਕ ਰੰਗਮੰਚ (ਰਜਿ.) ਮੋਹਾਲੀ  ਸਮਾਜਕ ਤਬਦੀਲੀ ਲਈ ਰੰਗਮੰਚ

ਸੁਚੇਤਕ ਰੰਗਮੰਚ (ਰਜਿ.) ਮੋਹਾਲੀ ਸਮਾਜਕ ਤਬਦੀਲੀ ਲਈ ਰੰਗਮੰਚ

ਸੁਚੇਤਕ ਰੰਗਮੰਚ (ਰਜਿ.) ਮੋਹਾਲੀ ਦੀ ਸਥਾਪਨਾ 1999 ਵਿੱਚ ਹੋਈ ਸੀ। ਇਸਦਾ ਉਦੇਸ਼ ਸਮਾਜਕ ਤਬਦੀਲੀ ਦੇ ਰੰਗਮੰਚ ਲਈ ਵੱਖਰੇ ਮੁਹਾਂਦਰੇ ਦੀ ਤਾਲਾਸ਼ ਸੀ। ਇਸਦੀ ਪੂਰਤੀ ਲਈ ਵੱਖਰੇ ਤਰ੍ਹਾਂ ਦੀਆਂ ਨਾਟ-ਸਕ‌੍ਰਿਪਟਾਂ ਦੀ ਚੋਣ ਸਦਕਾ ਹੀ ਸੰਭਵ ਸੀ। ਇਸਦਾ ਪਹਿਲਾ ਨਾਟਕ ਅਸਗਰ ਵਜਾਹਤ ਦੀ ਰਚਨਾ ’ਇੰਨਾ ਦੀ ਆਵਾਜ਼’ ਸੀ। ਇਹ ਨਾਟਕ ਭੋਲ਼ੇ-ਭਾਲ਼ੇ ਲੋਕਾਂ ਦਾ  ਹਰ ਪੱਖੋਂ ਸੋਸ਼ਣ ਕਰਨ ਵਾਲ਼਼ੀ ਸਿਆਸਤ ’ਤੇ ਤਿੱਖਾ ਕਟਾਖ਼ਸ਼ ਸੀ।ਉਦੋਂ ਤੋਂ ਹੀ ਸਾਡੇ ਬਹੁਤੇ ਨਾਟਕ, ਜਿਨ੍ਹਾਂ ਦਾ ਮੰਚਨ ਕੀਤਾ ਗਿਆ ਹੈ, ਸਿਆਸੀ ਤੇ ਸਮਾਜਕ ਸਵਾਲਾਂ ਨੂੰ ਮੁਖ਼ਾਤਿਬ ਹੁੰਦੇ ਆ ਰਹੇ ਹਨ।

ਸੁਚੇਤਕ ਰੰਗਮੰਚ ਦਾ ਮਨੋਰਥ ਮਹਿਜ਼ ਮਨੋਰੰਜਨ ਲਈ ਨਾਟਕ ਕਰਨਾ ਨਹੀਂ ਹੈ, ਬਲਕਿ ਭਾਰਤੀ ਸਮਾਜ ਦੇ ਸੱਚ-ਅਸੱਚ ਪ੍ਰਤੀ ਚੇਤਨਾ ਦੀ ਜਾਗ ਲਗਾਉਣਾ ਹੈ। ਸਾਡੇ ਨਾਟਕ ਇਸਤਰੀ ਤੇ ਦਲਿਤ ਸਮਾਜ ਦੇ ਜੀਵਨ ਯਥਾਰਥ ਨੂੰ ਦਰਸ਼ਕ ਦੇ ਸਨਮੁੱਖ ਪੇਸ਼ ਹੀ ਨਹੀਂ ਕਰਦੇ, ਬਲਕਿ ਤਿੱਖੀ ਦੇ ਸੰਘਰਸ਼ ਵਿੱਚ ਸਹਿਯੋਗ ਦੇਣ ਦਾ ਸੰਦੇਸ਼ ਵੀ ਦਿੰਦੇ ਹਨ। ਇਹ ਸੰਦੇਸ਼ ਭਾਸ਼ਨੀ ਨਾਅਰੇਬਾਜ਼ੀ ਦੀ ਥਾਂ ਕਲਾਤਮਕਤਾ ਸਹਿਤ ਦੇਣ ਵੱਲ ਸੁਚੇਤਕ ਰੰਗਮੰਚ ਖ਼ਾਸ ਤਵੱਜੋ ਦਿੰਦਾ ਹੈ।

ਸੁਚੇਤਕ ਰੰਗਮੰਚ ਦੀ ਕਰਮਭੂਮੀ ਭਾਰਤੀ ਪੰਜਾਬ ਹੈ ਅਤੇ ਵਧੇਰੇ ਨਾਟਕ ਪੰਜਾਬੀ ਭਾਸ਼ਾ ਵਿੱਚ ਹੀ ਖੇਡੇ ਜਾਂਦੇ ਹਨ, ਤਾਂ ਵੀ ਸਾਡੇ ਲਈ ਭਾਸ਼ਾ ਕੋਈ ਦੀਵਾਰ ਨਹੀਂ ਹੈ। ਕਈ ਵਾਰ ਹਿੰਦੀ ਦੇ ਮੌਲਿਕ ਨਾਟਕ ਖੇਡੇ ਜਾਂਦੇ ਹਨ, ਪਰ ਬਹੁਤੀ ਵਾਰ ਦੇਸੀ-ਵਿਦੇਸ਼ੀ ਨਾਟਕ ਮਾਤ-ਭਾਸ਼ਾ ਵਿੱਚ ਰੂਪਾਂਤਰ ਕਰਕੇ ਹੀ ਪੇਸ਼ ਕੀਤੇ ਜਾਂਦੇ ਹਨ। ਇਸੇ ਤਰ੍ਹਾਂ ਦੇਸ਼-ਵਿਦੇਸ਼ ਦੇ ਪੰਜਾਬੀ ਦਰਸ਼ਕਾਂ ਲਈ ਅਮਰੀਕਾ, ਕੈਨੇਡਾ, ਇੰਗਲੈਂਡ ਤੇ ਸਿੰਗਾਪੁਰ ਜਾ ਕੇ ਨਾਟਕ ਵੀ ਖੇਡੇ ਗਏ ਹਨ। ’ਸੁਲਗਦੇ ਸੁਪਨੇ ਗ਼ਦਰ ਦੇ’ (2004) ਦੇ ਨਾਟਕ ਤਾਂ ਟਰਾਂਟੋ ਵਿੱਚ ਵੱਸਦੇ ਪੰਜਾਬੀ ਮੂਲ ਦੇ ਕੈਨੇਡੀਅਨ ਕਲਾਕਾਰਾਂ ਦੀ ਟੀਮ ਨਾਲ਼ ਤਿਆਰ ਕੀਤਾ ਗਿਆ ਸੀ।

ਸੁਚੇਤਕ ਰੰਗਮੰਚ ਦੇ ਪ੍ਰਮੁੱਖ ਨਾਟਕਾਂ ਵਿੱਚ ਸੋਲੋ ਪਲੇਅ ’ਚਿੜੀ ਦੀ ਅੰਬਰ ਵੱਲ ਉਡਾਣ’ ਦੇਸ਼-ਵਿਦੇਸ਼ ਵਿੱਚ 121 ਵਾਰ ਪੇਸ਼ ਕੀਤਾ ਜਾ ਚੁੱਕਾ ਹੈ। ਇਸੇ ਤਰ੍ਹਾਂ ’ਮਨ ਮਿੱਟੀ ਦਾ ਬੋਲਿਆ’ ਨਾਟਕ ਦੇਸ਼-ਵਿਦੇਸ਼ ਦੀਆਂ ਹੱਦਾਂ-ਸਰਹੱਦਾਂ ਤੋਂ ਪਾਰ ਜਾ ਕੇ ਦਰਸ਼ਕ ਵਰਗ ਨੇ ਸਵੀਕਾਰ ਕੀਤਾ ਹੈ। ਇਹ ਦੋਵੇਂ ਨਾਟਕ ਮਰਦ-ਪ੍ਰਧਾਨ ਸਮਾਜ ਵਿੱਚ ਇਸਤਰੀ ਦੀ ਵੇਦਨਾ, ਸੰਵੇਦਨਾ ਤੇ ਸੰਘਰਸ਼ ਨੂੰ ਮੰਚ ’ਤੇ ਸਾਕਾਰ ਕਰਦੇ ਹਨ।

ਸੁਚੇਤਕ ਰੰਗਮੰਚ ਸਮਕਾਲੀ ਸਮਾਜ ਦੇ ਸਵਾਲਾਂ ਨੂੰ ਇਤਿਹਾਸਕ ਸੰਦਰਭ ਵਿੱਚ ਮੁਖ਼ਾਤਿਬ ਹੋਣ ਵਾਲ਼ੀਆਂ ਅਹਿਮ ਟੀਮਾਂ ਵਿੱਚ ਸ਼ਾਮਲ ਹੈ। ਇਸਦਾ ਲਗਾਤਾਰ ਹੋਣ ਵਾਲ਼ਾ ’ਨਟੀ ਬਿਨੋਦਨੀ’ ਨਾਟਕ ਲੱਗਭਗ ਡੇਢ ਸੌ ਸਾਲ ਪਹਿਲਾਂ (1874) ਰੰਗਮੰਚ ਨੂੰ ਸਮਰਪਿਤ ਬਿਨੋਦਨੀ ਦਾਸੀ ਦੇ ਜੀਵਨ ਸੰਘਰਸ਼ ਨੂੰ ਪੇਸ਼ ਕਰਦਾ ਹੈ। ਇਹਨੀਂ ਦਿਨੀਂ, ਜਦੋਂ ਭਾਰਤ ਸਰਕਾਰ ਨੇ ਸਿੰਧ ਜਲ ਸਮਝੌਤੇ ਦੇ ਪਾਕਿਸਤਾਨ ਵੱਲ ਜਾਂਦਾ ਪਾਣੀ ਰੋਕਣ ਦੀਆਂ ਗੱਲਾਂ ਕੀਤੀਆਂ ਤਾਂ ’ਅਗਲੀ ਸਦੀ ਦਾ ਸੰਤਾਲੀ’ ਨਾਟਕ ਤਿਆਰ ਹੋ ਰਿਹਾ ਸੀ। ਇਹ ਨਾਟਕ ਇੱਕ ਤੋਂ ਦੋ ਤੇ ਫਿਰ ਤਿੰਨ ਹੋਏ ਮੁਲਕਾਂ ਦੀ ਸਭਿਆਚਰਕ ਸਾਂਝ ਨੂੰ ਉਜਾਗਰ ਕਰਦਾ ਹੈ।

ਇਸੇ ਤਰ੍ਹਾਂ ਜਲ‌ਿਆਂਵਾਲ਼ਾ ਬਾਗ ਦੇ ਸਾਕੇ ਦੇ ਸ਼ਤਾਬਦੀ ਸਾਲ ਦੇ ਅਵਸਰ 'ਤੇ 'ਚੱਲ ਅੰਮ੍ਰਿਤਸਰ ਲੰਡਨ ਚੱਲੀਏ' ਨਾਟਕ ਤਿਆਰ ਕੀਤਾ ਗਿਆ ਸੀ। ਇਹ ਨਾਟਕ ਉਸ ਭਿਆਨਕ ਸਾਕੇ ਤੇ 21 ਸਾਲਾਂ ਬਾਅਦ ਬਦਲਾ ਲੈਣ ਵਾਲ਼ੇ ਸ਼ਹੀਦ ਊਧਮ ਸਿੰਘ ਦੇ ਜੀਵਨ  ਦੇ ਬਹੁਤ ਸਾਰੇ ਗੁੱਝੇ ਭੇਤ ਉਜਾਗਰ ਕਰਦਾ ਹੈ, ਜਿਨ੍ਹਾਂ ਨੂੰ ਅਕਸਰ ਨਾਟਕਕਾਰ ਹਾਸ਼ੀਏ ਵੱਲ ਤੋਰ ਕੇ ਸਾਮਰਾਜ ਵਿਰੋਧੀ ਦੇਸ਼ਭਗਤੀ ਦੀ ਭਾਵਨਾ ਵਿੱਚ ਵਹਿ ਜਾਂਦੇ ਹਨ। ਮਹਾਸ਼ਵੇਤਤਾ ਦੇਵੀ ਦੇ ਨਾਵਲ 'ਤੇ ਆਧਾਰਤ 'ਹਜ਼ਾਰ ਚੌਰਾਸੀ ਦੀ ਮਾਂ' ਕ੍ਰਾਂਤੀਕਾਰੀ ਤਬਦੀਲੀ ਦੇ ਸੰਘਰਸ਼ ਤੇ ਉਸ ਤੋਂ ਬਾਅਦ ਦੀ ਦੁਖਾਂਤਕ ਤਸਵੀਰ ਸਾਕਾਰ ਕਰਦਾ ਹੈ।

ਸਾਡਾ ਮਨੋਰਥ, ਜਿਵੇਂ ਪਹਿਲਾਂ ਕਿਹਾ ਗਿਆ ਹੈ, ਸਮਾਜਕ ਤਬਦੀਲੀ ਦਾ ਰੰਗਮਚ ਕਰਨਾ ਹੈ। ਸਾਡੇ ਦੇਸ਼ ਵਿੱਚ ਇਪਟਾ ਤੋਂ ਬਾਅਦ ਦੇ ਬਦਲੇ ਹਾਲਾਤ ਵਿੱਚ ਜਿਨ੍ਹਾਂ ਹਸਤੀਆਂ ਨੇ ਕਲਾ ਜਗਤ ਵਿੱਚ ਗੂੜ੍ਹੀਆਂ ਪੈੜਾਂ ਪਾਈਆਂ ਹਨ, ਉਨ੍ਹਾਂ ਵਿੱਚ ਸ੍ਰ. ਗੁਰਸ਼ਰਨ ਸਿੰਘ ਸਿਰਮੌਰ ਹਸਤੀ ਹਨ। ਉਨ੍ਹਾਂ ਦੇ ਸਨਮਾਨ ਵਜੋਂ 2004 ਵਿੱਚ ਦੋ ਦਿਨਾ 'ਗੁਰਸ਼ਰਨ ਸਿੰਘ ਨਾਟ ਉਤਸਵ' ਕੀਤਾ ਗਿਆ ਸੀ। ਇਹ ਸੁਚੇਤਕ ਰੰਗਮੰਚ ਦਾ ਸਲਾਨਾ ਨਾਟ ਉਤਸਵ ਹੈ, ਕਈ ਸਾਲਾਂ ਤੋਂ ਪੰਜ ਦਿਨਾ ਹੋ ਗਿਆ ਹੈ। ਇਸ ਵਿੱਚ ਹਰ ਸ਼ੈਲੀ ਦੇ ਰੰਗਮੰਚ ਦਾ ਸਵਾਗਤ ਹੁੰਦਾ ਹੈ, ਤਾਂ ਵੀ ਇੱਕ ਦਿਨ ਗੁਰਸ਼ਰਨ ਭਾਅ ਜੀ ਵਿਕਸਤ ਕੀਤੀ ਥੜ੍ਹਾ ਥੀਏਟਰ ਸ਼ੈਲੀ ਨੂੰ ਸਮਰਪਿਤ ਰਹਿੰਦਾ ਹੈ।

…………………………

 

ਅਨੀਤਾ ਸ਼ਬਦੀਸ਼ ਦੀ ਨਾਟ-ਜਗਤ ਵਿੱਚ ਆਮਦ ਡਾ. ਆਤਮਜੀਤ ਦੇ ਨਾਟਕ 'ਰਿਸ਼ਤਿਆਂ ਦਾ ਕੀ ਰੱਖੀਏ ਨਾਂ..?' ਨਾਲ਼ ਹੋਈ ਸੀ। ਉਹ ਉਸ ਵੇਲ਼ੇ (1989) ਸਕੂਲੀ ਵਿਦਿਆਰਥਣ ਸੀ। ਸ੍ਰ. ਗੁਰਸ਼ਰਨ ਸਿੰਘ ਦਾ ਨਾਟਕ 'ਨਵਾਂ ਜਨਮ' (1993) ਉਸਦੇ ਜੀਵਨ ਸਫ਼ਰ ਵਿੱਚ ਕਾਇਆਕਲਪ ਦਾ ਅਗਾਜ਼ ਸੀ। ਇਹ ਇੱਕ ਤਰ੍ਹਾਂ ਉਸਦਾ ਵੀ ਨਵਾਂ ਜਨਮ ਸੀ, ਮਾਨੋ ਪੁਨਰ-ਜਨਮ। ਇਸ ਤੋਂ ਬਾਅਦ ਅਨੀਤਾ ਰੰਗਮੰਚ ਨੂੰ ਹੀ ਸਮਰਪਿਤ ਹੋ ਗਈ। ਇਹ ਅਵਾਮੀ ਰੰਗਮੰਚ ਨਾਲ਼ ਧੁਰ ਅੰਦਰੋਂ ਜੁੜਨ ਦਾ ਅਵਸਰ ਸੀ, ਜਿਸ ਵਿੱਚ ਰੂਹ ਦਾ ਸਕੂਨ ਤਾਂ ਸੀ, ਹਾਲਾਂਕਿ ਇਹ ਰੋਟੀ-ਰੋਜ਼ੀ ਦਾ ਵਸੀਲਾ ਨਹੀਂ ਸੀ।

ਅਨੀਤਾ ਸ੍ਰ. ਗੁਰਸ਼ਰਨ ਸਿੰਘ ਦੇ ਰੰਗਮੰਚ ਤੋਂ ਸਿਵਾ ਪੰਜਾਬ ਦੇ ਬਹੁਤ ਸਾਰੇ ਨਿਰਦੇਸ਼ਕਾਂ ਨਾਲ਼ ਨਾਟਕ ਖੇਡ ਰਹੀ ਸੀ। ਇਸ ਵਿੱਚ ਮਾਸਟਰ ਤਰਲੋਚਨ ਤੋਂ ਇਲਾਵਾ ਕੁਮਾਰ ਪਵਨਦੀਪ, ਕੇਵਲ ਧਾਲੀਵਾਲ ਤੇ ਪਾਲੀ ਭੂਪਿੰਦਰ ਸਿੰਘ ਸ਼ਾਮਲ ਸਨ। ਉਹ ਕੁਮਾਰ ਪਵਨਦੀਪ ਦੀ ਨਿਰਦੇਸ਼ਨਾ ਹੇਠ 'ਮਿੱਟੀ ਨਾ ਹੋਵੇ ਮਤਰੇਈ' ਨਾਟਕ ਨੂੰ ਵਿਸ਼ੇਸ਼ ਤੌਰ 'ਤੇ ਯਾਦ ਕਰਦੀ ਹੈ। ਇਹ ਬਰਤੋਲਤ ਬ੍ਰੈਖ਼ਤ ਦੇ ਨਾਟਕ 'ਕਾਕੇਸ਼ੀਅਨ ਚਾਕ ਸਰਕਲ' ਦਾ ਪੰਜਾਬੀ ਕਵੀ ਇਮਰੋਜ਼ ਵੱਲੋਂ ਕੀਤਾ ਰੂਪਾਂਤਰ ਸੀ, ਜਿਸਨੂੰ ਚੇਤਨਾ ਕਲਾ ਮੰਚ ਚਮਕੌਰ ਸਾਹਿਬ ਵੱਲੋਂ ਤਿਆਰ ਕੀਤਾ ਗਿਆ ਸੀ। ਇਥੇ ਹੀ ਸਵਦੇਸ਼ ਦੀਪਕ ਦਾ ਨਾਟਕ 'ਬਾਲ ਭਗਵਾਨ' ਤਿਆਰ ਹੋਇਆ ਸੀ, ਜਿਸਨੂੰ ਸ਼ਬਦੀਸ਼ ਨੇ ਪੰਜਾਬੀ ਮੁਹਾਂਦਰੇ ਵਿੱਚ ਢਾਲ ਦਿੱਤਾ ਸੀ। ਉਹ ਕੇਵਲ ਧਾਲੀਵਾਲ ਦੀ ਨਿਰਦੇਸ਼ਨਾ ਹੇਠ 'ਇਤਿਹਾਸ ਦੇ ਸਫ਼ੇ 'ਤੇ ਨਾਟਕ ਨੂੰ ਵੀ ਯਾਦ ਕਰਦੀ ਹੈ, ਜਿਸ ਵਿੱਚ ਉਸਨੇ ਗ਼ਦਰੀ ਗੁਲਾਬ ਕੌਰ ਦੀ ਭੂਮਿਕਾ ਅਦਾ ਕੀਤੀ ਸੀ। ਨਾਟਕਕਾਰ ਤੇ ਨਿਰਦੇਸ਼ਕ ਪਾਲੀ ਭੂਪਿੰਦਰ ਸਿੰਘ ਦਾ ਨਾਟਕ 'ਟੈਰੇਰਿਸਟ ਦੀ ਪ੍ਰੇਮਿਕਾ' ਵੀ ਯਾਦਗਾਰੀ ਪ੍ਰੋਡਕਸ਼ਨ ਸੀ। ਉਸਨੇ 10-12 ਸਾਲਾਂ ਬਾਅਦ ਡਾ. ਆਤਮਜੀਤ ਦੇ ਨਿਰਦੇਸ਼ਨ ਦੀ ਗਹਿਰਾਈ ਮਹਿਸੂਸ ਕੀਤੀ, ਜਦੋਂ ਉਨ੍ਹਾਂ ਦੇ ਨਾਟਕ 'ਮੈਂ ਤਾਂ ਇੱਕ ਸਾਰੰਗੀ ਹਾਂ' ਵਿੱਚ ਅਭਿਨੈ ਕਰ ਰਹੀ ਸੀ। ਇਸ ਵੇਲ਼ੇ ਤੱਕ ਅਨੀਤਾ ਸ਼ਬਦੀਸ਼ ਸੁਚੇਤਕ ਰੰਗਮੰਚ (1999) ਦੀ ਸਥਾਪਨਾ ਕਰ ਚੁੱਕੀ ਸੀ ਤੇ ਉਸਨੇ ਨਿਰਦੇਸ਼ਕਾ ਵਜੋਂ ਵੀ ਪਛਾਣ ਹਾਸਿਲ ਕਰ ਲਈ ਸੀ।

ਅਨੀਤਾ ਸ਼ਬਦੀਸ਼ 100 ਤੋਂ ਵੱਧ ਨਾਟਕਾਂ ਦੇ ਹਜ਼ਾਰਾਂ ਸ਼ੋਅ ਕਰ ਚੁੱਕੀ ਹੈ ਤੇ 40 ਦੇ ਕਰੀਬ ਛੋਟੇ-ਵੱਡੇ ਨਾਟਕਾਂ ਦਾ ਨਿਰਦੇਸ਼ਨ ਕਰ ਚੁੱਕੀ ਹੈ, ਜ‌ਿਨ੍ਹਾਂ ਵਿੱਚ ਬਹੁਤੇ ਨਾਟਕ ਜੀਵਨ ਸਾਥੀ ਸ਼ਬਦੀਸ਼ ਦੇ ਮੌਲਿਕ ਤੇ ਰੂਪਾਂਤਰਿਤ ਨਾਟਕ ਹਨ। ਇਨ੍ਹਾਂ ਵਿੱਚ 'ਚਿੜੀ ਦੀ ਅੰਬਰ ਵੱਲ ਉਡਾਣ', 'ਕਥਾ ਰਿੜ੍ਹਦੇ ਪਰਿੰਦੇ ਦੀ', 'ਸੁਲਗਦੇ ਸੁਪਨੇ ਗ਼ਦਰ ਦੇ', 'ਲੜਕੀ, ਜਿਸਨੂੰ ਰੋਣਾ ਨਹੀਂ ਆਉਂਦਾ' , 'ਵਕਤ ਤੈਨੂੰ ਸਲਾਮ ਹੈ', 'ਮਨ ਮਿੱਟੀ ਦਾ ਬੋਲਿਆ', 'ਲਾਲ ਕਨੇਰ', 'ਹਜ਼ਾਰ ਚੌਰਾਸੀ ਦੀ ਮਾਂ', 'ਅਗਲੀ ਸਦੀ ਦਾ 47', 'ਚੱਲ ਅੰਮ੍ਰਿਤਸਰ ਲੰਡਨ ਚੱਲੀਏ' ਅਹਿਮ ਹਨ।

ਉਸਨੇ ਡੀ ਡੀ ਪੰਜਾਬੀ ਤੋਂ ਇਲਾਵਾ ਬਹੁਤ ਸਾਰੇ ਚੈਨਲਾਂ 'ਤੇ ਦਰਜਨ ਦੇ ਕਰੀਬ ਪੰਜਾਬੀ ਸੀਰੀਅਲਾਂ ਵਿੱਚ ਅਹਿਮ ਭੂਮਿਕਾਵਾਂ ਅਦਾ ਕੀਤੀਆਂ ਹਨ। ਇਨ੍ਹਾਂ ਵਿੱਚ ਸਰਹੱਦ, ਮਨਜੀਤੇ ਜਗਜੀਤ, ਭਾਗਾਂ ਵਾਲ਼ੀਆਂ, ਪਾਰੋ ਦੀ ਮੁਸਕਾਨ, ਅੱਖੀਆਂ ਤੋਂ ਦੂਰ ਜਾਈਂ ਨਾ, ਕੱਚ ਦੀਆਂ ਵੰਗਾਂ ਆਦਿ ਸ਼ਾਮਲ ਹਨ। ਰੰਗਮੰਚ ਤੇ ਟੀ ਵੀ ਸੀਰੀਅਲਾਂ ਦੇ ਨਾਲ਼-ਨਾਲ਼ ਬਹੁਤ ਸਾਰੀਆਂ ਪੰਜਾਬੀ ਫਿਲਮਾਂ (ਬਾਗ਼ੀ, ਮੰਨਤ, ਏਕਮ, ਚੰਨਾ ਸੱਚੀਂ ਮੁੱਚੀਂ, ਯਾਰ ਪ੍ਰਦੇਸੀ, ਪੂਜਾ ਕਿਵੇ ਆਂ ਤੇ ਮੁਕਲਾਵਾ ਆਦਿ) ਕੀਤੀਆਂ ਹਨ। ਇਨ੍ਹਾਂ ਤੋਂ ਇਲਾਵਾ 'ਲੀਜੈਂਡ ਆੱਫ ਭਗਤ ਸਿੰਘ' ਤੇ 'ਜ਼ੁਬਾਨ' ਹਿੰਦੀ ਫਿਲਮਾਂ ਵੀ ਹਨ।

ਅਨੀਤਾ ਸ਼ਬਦੀਸ਼ ਨੇ ਪੰਜਾਬੀ ਰੰਗਮੰਚ ਦੇ ਸ਼ਾਹ ਅਸਵਾਰ ਸ੍ਰ. ਗੁਰਸ਼ਰਨ ਸਿੰਘ ਦੇ ਜੀਵਨ ਸੰਘਰਸ਼ ਨੂੰ 'ਕ੍ਰਾਂਤੀ ਦਾ ਕਲਾਕਾਰ-ਗੁਰਸ਼ਰਨ ਸਿੰਘ' ਦਸਤਾਵੇਜ਼ੀ  ਵਜੋਂ ਸਾਂਭਣ ਦਾ ਉਪਰਾਲਾ ਕੀਤਾ ਹੈ। ਇਹ ਉਨ੍ਹਾਂ ਦੇ ਜੀਵਨ ਸਬੰਧੀ ਪਹਿਲੀ ਦਸਤਾਵੇਜ਼ ਹੈ, ਜਿਸਨੂੰ ਉਨ੍ਹਾਂ ਦੇ ਜਿਉਂਦੇ ਜੀਅ ਹੀ ਜਨਮ ਦਿਨ ਦੇ ਤੋਹਫ਼ੇ ਵਜੋਂ ਸਮਰਪਿਤ ਕੀਤਾ ਗਿਆ ਸੀ। ਉਨ੍ਹਾਂ ਦੀ ਯਾਦ ਵਿੱਚ 'ਗੁਰਸ਼ਰਨ ਸਿੰਘ ਮੈਮੋਰੀਅਲ ਗੈਲਰੀ' ਵੀ ਤਿਆਰ ਕੀਤੀ ਹੈ, ਜੋ 6 ਸਾਲ ਸਾਰੰਗ ਲੋਕ ਮੋਹਾਲੀ ਵਿੱਚ ਲੱਗੀ ਰਹੀ ਤੇ ਹੁਣ ਗੁਰਸ਼ਰਨ ਸਿੰਘ ਦੀ ਰਿਹਾਇਸ਼ (1245, ਸੈਕਟਰ 43-ਬੀ, ਚੰਡੀਗੜ੍ਹ) ਵਿੱਚ ਵੇਖੀ ਜਾ ਸਕਦੀ ਹੈ।

ਅਨੀਤਾ ਸ਼ਬਦੀਸ਼ ਨੂੰ ਪੰਜਾਬ ਲੋਕ ਸਭਿਆਚਾਰ ਮੰਚ, ਪੰਜਾਬ ਸੰਗੀਤ ਨਾਟਕ ਅਕਾਦਮੀ ਤੇ ਸੰਗੀਤ ਨਾਟਕ ਅਕਾਦਮੀ (ਦਿੱਲੀ) ਦੇ ਉਸਤਾਦ ਬਿਸਮਿਲਾ ਖ਼ਾਂ ਯੁਵਾ ਪੁਰਸਕਾਰ ਤੋਂ ਇਲਾਵਾ ਦੇਸ਼ ਵਿਦੇਸ਼ ਦੀਆਂ ਕਈ ਸੰਸਥਾਵਾਂ ਵੱਲੋਂ ਸਨਮਾਨਤ ਕੀਤਾ ਗਿਆ ਹੈ।